ਚੰਡੀਗੜ੍ਹ : ਕੋਵਿਡ ਕੇਸਾਂ ਅਤੇ ਮੌਤ ਦਰ ਵਿਚ ਕਮੀ ਦੇ ਮਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਸਾਰੀਆਂ ਛੋਟਾਂ ਦੇ ਆਦੇਸ਼ ਦਿਤੇ ਜਿਨ੍ਹਾਂ ਵਿਚ ਰਾਤ ਦਾ ਕਰਫ਼ਿਊ ਅਤੇ ਐਤਵਾਰ ਦਾ ਲੌਕਡਾਊਨ ਖ਼ਤਮ ਕਰਨਾ ਸ਼ਾਮਲ ਹੈ। ਇਸ ਦੇ ਨਾਲ ਡੀ.ਜੀ.ਪੀ. ਨੂੰ ਮਾਸਕ ਪਹਿਨਣ ਅਤੇ ਹੋਰ ਸੁਰੱਖਿਆ ਇਹਤਿਆਤ ਦੀ ਪਾਲਣਾ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿਤੇ ਹਨ।
ਵਿਆਹ, ਸਸਕਾਰ ਤੇ ਸਫ਼ਰ ਮੌਕੇ ਪਾਬੰਦੀਆਂ ਵਿਚ ਛੋਟ
ਮੁੱਖ ਮੰਤਰੀ ਵਲੋਂ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਕੀਤੀਆਂ ਛੋਟਾਂ ਦੇ ਐਲਾਨ ਵਿਚ ਸੂਬੇ ਵਿਚ ਵਿਆਹ ਤੇ ਸਸਕਾਰ ਮੌਕੇ ਵਿਅਕਤੀਆਂ ਦੀ ਹੱਦ ਵਧਾ ਕੇ 100 ਕਰ ਦਿਤੀ ਹੈ। ਇਸ ਦੇ ਨਾਲ ਹੀ ਕਾਰ ਵਿਚ ਤਿੰਨ ਵਿਅਕਤੀਆਂ ਦੇ ਸਵਾਰ ਹੋਣ ਅਤੇ ਬਸਾਂ ਵਿਚ 50 ਫ਼ੀ ਸਦੀ ਸਵਾਰੀਆਂ ਦੀ ਸਮਰੱਥਾ ਵਿਚ ਵੀ ਢਿੱਲ ਦੇ ਦਿਤੀ ਹੈ ਬਸ਼ਰਤੇ ਸਫ਼ਰ ਦੌਰਾਨ ਤਾਕੀਆਂ ਖੁਲ੍ਹੀਆਂ ਹੋਣ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਵਾਉਣ ਦੇ ਆਦੇਸ਼ ਦਿਤੇ ਹਨ ਅਤੇ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਝੋਨੇ ਦੀ ਖ਼ਰੀਦ ਸੀਜ਼ਨ ਅਤੇ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਇਸ ਸਬੰਧੀ ਕੋਈ ਢਿੱਲ-ਮੱਠ ਨਹੀਂ ਦਿਤੀ ਜਾਵੇਗੀ।
ਇਹ ਵੀ ਪੜ੍ਹੋ : 'ਬਹਿਬਲ ਕਲਾਂ ਗੋਲੀਕਾਂਡ' : ਮੁਅੱਤਲ IG ਉਮਰਾਨੰਗਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲੀ
ਸਕੂਲ ਅਤੇ ਵਿਦਿਅਕ ਸੰਸਥਾਵਾਂ ਖੋਲ੍ਹਣ ਦੇ ਮਾਮਲੇ ਜਿਸ ਬਾਰੇ ਕੇਂਦਰ ਨੇ ਅਨਲੌਕ 5.0 ਤਹਿਤ 15 ਅਕਤੂਬਰ ਤੋਂ ਫ਼ੈਸਲਾ ਲੈਣ ਦੇ ਅਧਿਕਾਰ ਸੂਬਿਆਂ ਉਤੇ ਛੱਡ ਦਿਤੇ ਹਨ, ਬਾਰੇ ਅੰਤਮ ਫ਼ੈਸਲੇ ਦਾ ਐਲਾਨ ਗ੍ਰਹਿ ਸਕੱਤਰ ਅਤੇ ਸਿਖਿਆ ਵਿਭਾਗ ਵਿਚਾਲੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ। ਸੂਬੇ ਵਿਚ ਕੋਵਿਡ ਦੀ ਸਥਿਤੀ ਬਾਰੇ ਸੱਦੀ ਵਰਚੁਅਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਸੂਬੇ ਵਿਚ ਕੇਸਾਂ ਅਤੇ ਮੌਤ ਦਰ ਵਿਚ ਆਈ ਗਿਰਾਵਟ ਨੂੰ ਦੇਖਦਿਆਂ ਕਿਹਾ ਕਿ ਪਹਿਲਾਂ ਲਾਈਆਂ ਗਾਈਆਂ ਪਾਬੰਦੀਆਂ ਨਾਲ ਸੂਬਾ ਸਰਕਾਰ ਨੂੰ ਬਹੁਤ ਮਦਦ ਮਿਲੀ ਹੈ। ਹਾਲਾਂਕਿ ਉਨ੍ਹਾਂ ਪੇਂਡੂ ਖੇਤਰਾਂ ਵਿੱਚ ਵਧਦੇ ਕੇਸਾਂ ਉਤੇ ਚਿੰਤਾ ਪ੍ਰਗਟਾਈ। ਸ਼ਹਿਰਾਂ/ਕਸਬਿਆਂ ਵਿੱਚ ਕੇਸਾਂ ਦੀ ਗਿਣਤੀ ਜ਼ਰੂਰ ਘਟ ਰਹੀ ਹੈ।